ਸ਼ਹੀਦੀ ਦੇਗ

ਸ਼ਹੀਦੀ ਦੇਗ ਦਾ ਇਤਿਹਾਸ

ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਜੀ ਵਿਖੇ ਸ਼ਹੀਦੀ ਦੇਗ ਦੀ ਅਰਦਾਸ ਦੀ ਪਰੰਪਰਾ ਪੁਰਾਤਨ ਸਮੇਂ ਤੋਂ ਹੀ ਬਹੁਤ ਸ਼ਰਧਾ ਅਤੇ ਮਰਿਆਦਾ ਨਾਲ ਚੱਲਦੀ ਆ ਰਹੀ ਹੈ। ਇਹ ਪਵਿੱਤਰ ਪਰੰਪਰਾ ਸ਼ਹੀਦ ਸਿੰਘਾਂ ਨੂੰ ਹਾਜ਼ਰ ਮੰਨਦਿਆਂ ਅਤੇ ਉਨ੍ਹਾਂ ਪ੍ਰਤੀ ਸਚੀ ਸ਼ਰਧਾ ਨਾਲ ਜੁੜੀ ਹੋਈ ਹੈ।

ਸੰਗਤਾਂ ਦੇ ਪ੍ਰਤੱਖ ਅਨੁਭਵ ਅਨੁਸਾਰ, ਜਿਨ੍ਹਾਂ ਮਾਈ-ਭਾਈਆਂ ਨੇ ਨਿਮਰਤਾ, ਸੱਚੀ ਸ਼ਰਧਾ ਅਤੇ ਭਾਵਨਾ ਨਾਲ ਸ਼ਹੀਦੀ ਦੇਗ ਦੀ ਅਰਦਾਸ ਕਰਵਾਈ ਹੈ, ਉਨ੍ਹਾਂ ਦੀਆਂ ਅਰਦਾਸਾਂ ਅਤੇ ਮਨੋਕਾਮਨਾਵਾਂ ਸ਼ਹੀਦ ਸਿੰਘਾਂ ਦੀ ਬਖ਼ਸ਼ਿਸ਼ ਸਦਕਾ ਪੂਰੀਆਂ ਹੁੰਦੀਆਂ ਹਨ।

ਸ਼ਹੀਦੀ ਦੇਗ ਦੀ ਪਵਿੱਤਰ ਮਰਿਆਦਾ

ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਜੀ ਵਿਖੇ ਹਰ ਰੋਜ਼ ਰਾਤ ਦੇ ਤੀਸਰੇ ਪਹਿਰ, 12:00 ਵਜੇ ਸ਼ਹੀਦੀ ਦੇਗ ਦਾ ਰਗੜਾ ਲਾਉਣਾ ਸ਼ੁਰੂ ਕੀਤਾ ਜਾਂਦਾ ਹੈ। ਸਿੰਘਾਂ ਵੱਲੋਂ ਪੂਰਨ ਸੂਚੀ-ਸੰਜਮ ਅਤੇ ਬਾਣੀ ਦੇ ਪਾਠ ਨਾਲ ਸ਼ਹੀਦੀ ਦੇਗ ਤਿਆਰ ਕੀਤੀ ਜਾਂਦੀ ਹੈ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਚੰਡੀ ਦੀ ਵਾਰ ਦਾ ਪਾਠ ਕੀਤਾ ਜਾਂਦਾ ਹੈ ਅਤੇ ਨਾਲ ਰਗੜੇ ਲਗਾਏ ਜਾਂਦੇ ਹਨ।

ਸ਼ਹੀਦੀ ਦੇਗ ਨੂੰ ਤਿਆਰ ਕਰਨ ਲਈ ਵਿਸ਼ੇਸ਼ ਤੌਰ ’ਤੇ ਬਾਦਾਮ, ਖੰਡ, ਹਰੀ ਇਲਾਚੀ ਅਤੇ ਕਾਲੀ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ। ਪੂਰਨ ਮਰਿਆਦਾ ਅਤੇ ਸ਼ਰਧਾ ਨਾਲ ਰਗੜਾ ਤਿਆਰ ਕਰਨ ਉਪਰੰਤ ਰਾਤ 1:00 ਵਜੇ ਤੋਂ 1:30 ਵਜੇ ਦੇ ਦਰਮਿਆਨ ਸ਼ਹੀਦੀ ਦੇਗ ਦੀ ਵਿਸ਼ੇਸ਼ ਅਰਦਾਸ ਕੀਤੀ ਜਾਂਦੀ ਹੈ ਤੇ ਅਰਦਾਸ ਉਪਰੰਤ ਸ਼ਹੀਦ ਸਿੰਘਾਂ ਨੂੰ ਹਾਜ਼ਰ-ਨਾਜ਼ਰ ਜਾਣ ਕਰਕੇ ਭੋਗ ਲਗਾਉਣ ਉਪਰੰਤ ਸੰਗਤ ਵਿੱਚ ਵਰਤਾਈ ਜਾਂਦੀ ਹੈ।

ਇਸ ਅਰਦਾਸ ਨੂੰ ਕਰਵਾਉਣ ਲਈ ਮਨ ਵਿੱਚ ਸੱਚੀ ਸ਼ਰਧਾ, ਨਿਮਰਤਾ ਤੇ ਪੂਰਨ ਭਾਵਨਾ ਹੋਣੀ ਚਾਹੀਦੀ ਹੈ। ਜਦੋਂ ਕੋਈ ਮਾਈ-ਭਾਈ ਜਾਂ ਸੰਗਤ ਪੂਰਨ ਵਿਸ਼ਵਾਸ, ਨਿਮਰਤਾ ਅਤੇ ਸੱਚੀ ਸ਼ਰਧਾ ਨਾਲ ਸ਼ਹੀਦੀ ਦੇਗ ਦੀ ਅਰਦਾਸ ਕਰਵਾਉਂਦਾ ਹੈ, ਤਾਂ ਉਹ ਆਪਣੀਆਂ ਮਨੋਕਾਮਨਾਵਾਂ ਅਤੇ ਦੁੱਖ-ਸੁੱਖ ਗੁਰੂ ਸਾਹਿਬ ਅਤੇ ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਅਰਪਣ ਕਰਦਾ ਹੈ।

ਸੰਗਤ ਦੀ ਸ਼ਰਧਾ ਅਤੇ ਅਨੁਭਵ ਅਨੁਸਾਰ, ਸ਼ਹੀਦ ਸਿੰਘਾਂ ਦੀ ਬਖ਼ਸ਼ਿਸ਼ ਸਦਕਾ ਅਨੇਕਾਂ ਮਾਈ-ਭਾਈਆਂ ਦੀਆਂ ਅਰਦਾਸਾਂ ਅਤੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਜਿਹੜੀ ਸੰਗਤ ਸੱਚੇ ਮਨ ਨਾਲ, ਕਿਸੇ ਦਿਖਾਵੇ ਤੋਂ ਬਿਨਾਂ ਅਤੇ ਪੂਰਨ ਭਰੋਸੇ ਨਾਲ ਇਹ ਪਵਿੱਤਰ ਅਰਦਾਸ ਕਰਵਾਉਂਦੇ ਹਨ, ਉਹ ਸ਼ਹੀਦ ਸਿੰਘਾਂ ਦੀ ਕਿਰਪਾ ਅਤੇ ਬਖ਼ਸ਼ਿਸ਼ ਦੇ ਸਦਕਾ ਜ਼ਰੂਰ ਪੂਰੀ ਹੁੰਦੀ ਹੈ।

ਇਹ ਸ਼ਹੀਦੀ ਦੇਗ ਸਿਰਫ਼ ਇੱਕ ਰਸਮ ਨਹੀਂ, ਸਗੋਂ ਸ਼ਹੀਦ ਸਿੰਘਾਂ ਦੀ ਯਾਦ, ਉਨ੍ਹਾਂ ਦੀ ਕੁਰਬਾਨੀ ਪ੍ਰਤੀ ਸ਼ਰਧਾ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਦੀ ਭਾਵਨਾ ਨਾਲ ਜੁੜੀ ਹੋਈ ਪਵਿੱਤਰ ਸੇਵਾ ਹੈ। ਸੰਗਤ ਵੱਲੋਂ ਪੂਰਨ ਸ਼ਰਧਾ ਅਤੇ ਨਿਮਰਤਾ ਨਾਲ ਇਸ ਮਰਿਆਦਾ ਵਿੱਚ ਸ਼ਾਮਲ ਹੋ ਕੇ ਆਪਣੀ ਅਰਦਾਸ ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਭੇਟ ਕੀਤੀ ਜਾਂਦੀ ਹੈ।