History

ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਦਾ ਪਵਿੱਤਰ ਇਤਿਹਾਸ

ਦਰਬਾਰ ਸਾਹਿਬ ਦੀ ਬੇਅਦਬੀ ਅਤੇ ਚਾਲੇ ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਅਤੇ ਪਵਿੱਤਰ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ, ਤਾਂ ਇਹ ਸਾਰਾ ਵਾਕਿਆ ਇੱਕ ਸਿੰਘ ਭਾਈ ਭਾਗ ਸਿੰਘ ਜੀ ਨੇ ਤਲਵੰਡੀ ਸਾਬੋ (ਸ੍ਰੀ ਦਮਦਮਾ ਸਾਹਿਬ) ਵਿਖੇ ਆ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸਿਆ। ਬਾਬਾ ਜੀ ਇਹ ਦਰਦਨਾਕ ਖ਼ਬਰ ਸੁਣ ਕੇ ਬੜੇ ਰੋਸ਼ (ਬੀਰ ਰਸ) ਵਿੱਚ ਆ ਗਏ। ਆਪ ਜੀ ਨੇ ਤੁਰੰਤ ਤਕਰੀਬਨ ਪੰਜ ਕੁ ਸੌ ਸਿੰਘਾਂ ਦਾ ਜਥਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿੱਤੇ। ਰਸਤੇ ਵਿੱਚ ਹੋਰ ਵੀ ਅਨੇਕਾਂ ਸੂਰਬੀਰ ਸਿੰਘ ਨਾਲ ਰਲਦੇ ਗਏ।

ਸ੍ਰੀ ਤਰਨ ਤਾਰਨ ਸਾਹਿਬ ਪਹੁੰਚ ਕੇ ਬਾਬਾ ਜੀ ਨੇ ਸਾਰੇ ਸਿੰਘਾਂ ਨਾਲ ਮਿਲ ਕੇ ਅਰਦਾਸ ਸੋਧੀ ਕਿ ‘ਜਦ ਤੱਕ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ, ਤਦ ਤੱਕ ਸ਼ਹੀਦ ਨਹੀਂ ਹੋਵਾਂਗੇ।’ ਇਸ ਤੋਂ ਬਾਅਦ ਬਾਬਾ ਜੀ ਨੇ ਖੰਡੇ ਨਾਲ ਧਰਤੀ ‘ਤੇ ਇੱਕ ਲਕੀਰ ਖਿੱਚੀ ਅਤੇ ਪ੍ਰਣ ਕਰਨ ਲਈ ਕਿਹਾ। ਧਰਮ ਅਤੇ ਸਿੱਖੀ ਸਿਧਾਂਤ ਲਈ ਆਪਾ ਵਾਰਨ ਵਾਲੇ ਲਗਭਗ 10 ਹਜ਼ਾਰ ਸਿੰਘ ਉਸ ਲਕੀਰ ਨੂੰ ਪਾਰ ਕਰਕੇ ਬਾਬਾ ਜੀ ਨਾਲ ਤੁਰ ਪਏ।

ਜਦੋਂ ਫੌਜਾਂ ਗੋਹਲਵੜ ਪਹੁੰਚੀਆਂ ਤਾਂ ਦੁਸ਼ਮਣ ਦੀਆਂ ਫੌਜਾਂ ਨਾਲ ਭਾਰੀ ਯੁੱਧ ਸ਼ੁਰੂ ਹੋ ਗਿਆ। ਇਸੇ ਜੰਗ ਦੌਰਾਨ ਪਿੰਡ ਚੱਬੇ ਲਾਗੇ 95 ਸਾਲ ਦੀ ਉਮਰ ਦੇ ਬਜ਼ੁਰਗ ਯੋਧੇ ਬਾਬਾ ਨੌਧ ਸਿੰਘ ਜੀ ਨੇ ਮੁਗਲਾਂ ਦੀ ਛਾਉਣੀ ਨਾਲ ਲੋਹਾ ਲੈਂਦਿਆਂ ਸ਼ਹੀਦੀ ਪ੍ਰਾਪਤ ਕੀਤੀ।

ਲੜਦੇ-ਲੜਦੇ ਸਿੰਘ ਉਸ ਅਸਥਾਨ ‘ਤੇ ਪਹੁੰਚੇ ਜਿੱਥੇ ਅੱਜ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਸੁਸ਼ੋਭਿਤ ਹੈ। ਇਸ ਥਾਂ ‘ਤੇ ਦੁਸ਼ਮਣ ਫੌਜਾਂ ਦੇ ਮਹਾਨ ਜਰਨੈਲ ਜਹਾਨ ਖ਼ਾਨ (ਜਿਸ ਨੂੰ ਜਮਾਲ ਖ਼ਾਨ ਵੀ ਲਿਖਿਆ ਜਾਂਦਾ ਹੈ) ਨਾਲ ਸਾਹਮਣਾ ਹੋਇਆ। ਘੰਟਿਆਂ ਬੱਧੀ ਬਹੁਤ ਭਿਆਨਕ ਯੁੱਧ ਹੋਇਆ। ਆਖਰ ਇੱਕ ਅਜਿਹਾ ਘਮਸਾਣ ਮਚਿਆ ਕਿ ਇੱਕ ਸਾਂਝੇ ਵਾਰ ਨਾਲ ਦੋਹਾਂ ਜਰਨੈਲਾਂ ਦੇ ਸੀਸ ਧੜਾਂ ਨਾਲੋਂ ਵੱਖ ਹੋ ਗਏ।

ਇਸ ਜਗ੍ਹਾ ‘ਤੇ ਉਸ ਸਮੇਂ ਇੱਕ ਬਹੁਤ ਵੱਡੇ ਆਕਾਰ ਦਾ ਟਾਹਲੀ ਦਾ ਰੁੱਖ (ਟਾਹਲਾ) ਮੌਜੂਦ ਸੀ, ਜਿਸ ਦੇ ਹੇਠਾਂ ਬਾਬਾ ਜੀ ਦਾ ਸੀਸ ਧੜ ਤੋਂ ਜੁਦਾ ਹੋਇਆ ਸੀ, ਇਸੇ ਕਰਕੇ ਇਸ ਪਵਿੱਤਰ ਅਸਥਾਨ ਦਾ ਨਾਮ ‘ਗੁਰਦੁਆਰਾ ਸ੍ਰੀ ਟਾਹਲਾ ਸਾਹਿਬ’ ਪਿਆ।

ਜਦੋਂ ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋਇਆ, ਤਾਂ ਕੋਲ ਖੜ੍ਹੇ ਇੱਕ ਸਿੰਘ ਨੇ ਯਾਦ ਕਰਵਾਇਆ: “ਬਾਬਾ ਜੀ! ਸ੍ਰੀ ਅੰਮ੍ਰਿਤਸਰ ਸਾਹਿਬ ਤਾਂ ਅਜੇ ਦੂਰ ਹੈ, ਆਪ ਜੀ ਨੇ ਉੱਥੇ ਪਹੁੰਚਣ ਦਾ ਪ੍ਰਣ ਕੀਤਾ ਸੀ।” ਇਹ ਸੁਣਦਿਆਂ ਹੀ ਬਾਬਾ ਜੀ ਦਾ ਸਰੀਰ ਮੁੜ ਹਰਕਤ ਵਿੱਚ ਆਇਆ। 75 ਸਾਲਾ ਬੁੱਢੇ ਜਰਨੈਲ ਨੇ ਅਲੌਕਿਕ ਸ਼ਕਤੀ ਦਾ ਪ੍ਰਗਟਾਵਾ ਕਰਦਿਆਂ ਖੱਬੇ ਹੱਥ ਦੀ ਤਲੀ ‘ਤੇ ਆਪਣਾ ਸੀਸ ਰੱਖਿਆ ਅਤੇ ਸੱਜੇ ਹੱਥ ਵਿੱਚ 18 ਸੇਰ ਦਾ ਖੰਡਾ ਵਾਹੁੰਦੇ ਹੋਏ ਦੁਸ਼ਮਣਾਂ ਦੇ ਆਹੂ ਲਾਹੁਣੇ ਸ਼ੁਰੂ ਕਰ ਦਿੱਤੇ। ਇਹ ਅਦਭੁਤ ਅਤੇ ਅਲੌਕਿਕ ਕੌਤਕ ਵੇਖ ਕੇ ਦੁਸ਼ਮਣ ਫੌਜਾਂ ਦੇ ਹੌਸਲੇ ਪਸਤ ਹੋ ਗਏ ਅਤੇ ਉਨ੍ਹਾਂ ਵਿੱਚ ਭਾਜੜਾਂ ਪੈ ਗਈਆਂ। ਬਾਬਾ ਜੀ ਲੜਦੇ-ਲੜਦੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਪਹੁੰਚੇ ਅਤੇ ਆਪਣਾ ਸੀਸ ਭੇਟ ਕਰਕੇ ਅਰਦਾਸ ਪੂਰੀ ਕੀਤੀ।

ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਵਿਖੇ ਉਸ ਸਮੇਂ ਦਾ ਇੱਕ ਇਤਿਹਾਸਕ ਪੁਰਾਤਨ ਖੂਹ ਅੱਜ ਵੀ ਮੌਜੂਦ ਹੈ, ਜਿਸ ਤੋਂ ਜੰਗ ਸਮੇਂ ਗੁਰੂ ਕੇ ਸਿੰਘਾਂ ਨੇ ਜਲ ਛਕਿਆ ਸੀ।

ਇਸ ਅਸਥਾਨ ‘ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਅਤੇ ਆਪ ਜੀ ਦਾ ਸ਼ਹੀਦੀ ਦਿਹਾੜਾ 10 ਫਰਵਰੀ ਨੂੰ ਬਹੁਤ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ।

ਇਸ ਪਵਿੱਤਰ ਅਸਥਾਨ ਦੀ ਕਾਰ-ਸੇਵਾ ਅਤੇ ਸਾਂਭ-ਸੰਭਾਲ ਦੀ ਸੇਵਾ 1988 ਤੋਂ ਜਥੇਦਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਬਹੁਤ ਸ਼ਰਧਾ ਅਤੇ ਪ੍ਰੇਮ ਨਾਲ ਨਿਭਾ ਰਹੇ ਹਨ।