ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਜੀ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਵਿੱਤਰ ਸ਼ਹੀਦੀ ਅਸਥਾਨ ਹੈ। ਇਸ ਅਸਥਾਨ ਤੇ ਹੀ ਜੰਗ ਦੇ ਮੈਦਾਨ ਵਿੱਚ ਲੜਦਿਆਂ ਬਾਬਾ ਜੀ ਦਾ ਸੀਸ ਧੜ ਨਾਲੋ ਅਲੱਗ ਹੋ ਗਿਆ ਸੀ ਤੇ ਬਾਬਾ ਜੀ ਨੇ ਇਸ ਅਸਥਾਨ ਤੋ ਹੀ ਇੱਕ ਹੱਥ ਵਿੱਚ ਸੀਸ ਤੇ ਇੱਕ ਹੱਥ ਵਿੱਚ 18 ਸੇਰ ਦਾ ਖੰਡਾ ਫੜ ਕੇ ਦੁਸ਼ਮਣਾ ਨੂੰ ਵੰਗਾਰ ਦਿਆਂ ਹੋਇਆਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪਾਹੁੰਚ ਕੇ ਪਾਵਨ ਪਵਿੱਤਰ ਅਸਥਾਨ ਨੂੰ ਦੁਸ਼ਮਣਾ ਤੋ ਅਜ਼ਾਦ ਕਰਵਾਇਆਂ ਤੇ ਆਪਣਾ ਸੀਸ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾ ਵਿੱਚ ਭੇਟ ਕਰਕੇ ਤੇ ਆਪਣਾ ਕੀਤਾ ਹੋਇਆਂ ਪ੍ਰਣ ਪੂਰਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ।
ਸੰਤ ਬਾਬਾ ਦਲੀਪ ਸਿੰਘ ਜੀ ਨੇ ਇਸ ਪਵਿੱਤਰ ਅਤੇ ਇਤਿਹਾਸਕ ਅਸਥਾਨ ਦੀ ਪਛਾਣ ਕਰਵਾ ਕੇ ਇਸ ਨੂੰ ਸੰਗਤਾਂ ਸਾਹਮਣੇ ਪ੍ਰਗਟ ਕੀਤਾ। ਸਭ ਤੋਂ ਪਹਿਲਾਂ ਇਸ ਪਾਵਨ ਅਸਥਾਨ ਦੀ ਸੇਵਾ ਸੰਤ ਬਾਬਾ ਦਲੀਪ ਸਿੰਘ ਜੀ ਚੱਕੀ ਵਾਲਿਆਂ ਵੱਲੋਂ ਆਰੰਭ ਕਰਵਾਈ ਗਈ।
ਉਨ੍ਹਾਂ ਤੋਂ ਬਾਅਦ ਪਿੰਡ ਠੱਠਗੜ੍ਹ ਤੋਂ ਬਾਬਾ ਮੋਹਨ ਸਿੰਘ ਜੀ ਇਸ ਅਸਥਾਨ ’ਤੇ ਆਏ। ਬਾਬਾ ਮੋਹਨ ਸਿੰਘ ਜੀ ਇਕ ਨਿਹੰਗ ਸਿੰਘ ਅਤੇ ਸੂਰਬੀਰ ਗੁਰਸਿੱਖ ਸਨ। ਉਨ੍ਹਾਂ ਨੇ ਇਸ ਅਸਥਾਨ ’ਤੇ ਰਹਿ ਕੇ ਬੜੀ ਸ਼ਰਧਾ ਅਤੇ ਲਗਨ ਨਾਲ ਸੇਵਾ ਕੀਤੀ। ਉਨ੍ਹਾਂ ਦੇ ਭਰਾ ਬਾਬਾ ਬੋਹੜ ਸਿੰਘ ਜੀ ਵੀ ਸੇਵਾ ਵਿੱਚ ਉਨ੍ਹਾਂ ਦੇ ਨਾਲ ਰਹਿੰਦੇ ਸਨ।
ਉਸ ਸਮੇਂ ਇਸ ਅਸਥਾਨ ਵਿਖੇ ਆਮਦਨ ਦਾ ਕੋਈ ਸਾਧਨ ਨਹੀਂ ਸੀ। ਨਾ ਇੱਥੇ ਕੋਈ ਖ਼ਾਸ ਚੜ੍ਹਾਵਾ ਆਉਂਦਾ ਸੀ, ਨਾ ਕੋਈ ਆਪਣੀ ਫ਼ਸਲ ਸੀ ਅਤੇ ਨਾ ਹੀ ਸੰਗਤਾਂ ਦਾ ਜ਼ਿਆਦਾ ਆਉਣਾ-ਜਾਣਾ ਹੁੰਦਾ ਸੀ। ਇਹ ਇਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਸੀ। ਬਾਬਾ ਮੋਹਨ ਸਿੰਘ ਜੀ ਅਤੇ ਬਾਬਾ ਬੋਹੜ ਸਿੰਘ ਜੀ ਨੇ ਆਪਣੀ ਜ਼ਮੀਨ ਵੇਚ ਕੇ ਪ੍ਰਾਪਤ ਹੋਈ ਰਕਮ ਨਾਲ ਇਸ ਅਸਥਾਨ ’ਤੇ ਆਪਣਾ ਜੀਵਨ ਬਤੀਤ ਕੀਤਾ ਅਤੇ ਗੁਰੂ-ਘਰ ਦੀ ਸੇਵਾ ਨੂੰ ਜਾਰੀ ਰੱਖਿਆ।
ਉਨ੍ਹਾਂ ਨੇ ਬਹੁਤ ਹੀ ਔਖੀਆਂ ਹਾਲਤਾਂ ਵਿੱਚ ਇਸ ਪਾਵਨ ਅਸਥਾਨ ਦੀ ਸੰਭਾਲ ਕੀਤੀ ਅਤੇ ਹੌਲੀ-ਹੌਲੀ ਸੰਗਤਾਂ ਨੂੰ ਇਸ ਅਸਥਾਨ ਨਾਲ ਜੋੜਨ ਦਾ ਯਤਨ ਕੀਤਾ। ਇਸ ਤੋਂ ਬਾਅਦ ਹਰਬੰਸ ਸਿੰਘ ਜੀ, ਜਿਨ੍ਹਾਂ ਨੂੰ ਚਾਹ-ਪੱਤੀ ਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਇਸ ਅਸਥਾਨ ’ਤੇ ਆਏ। ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਇਆ ਗਿਆ।
ਸਮਾਂ ਬੀਤਣ ਨਾਲ ਬਾਬਾ ਮੋਹਨ ਸਿੰਘ ਜੀ ਅਤੇ ਬਾਬਾ ਬੋਹੜ ਸਿੰਘ ਜੀ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਤੋਂ ਬਾਅਦ ਇਸ ਪਾਵਨ ਅਸਥਾਨ ਦੀ ਸੇਵਾ ਸੰਤ ਬਾਬਾ ਦਰਸ਼ਨ ਸਿੰਘ ਜੀ ਨੂੰ ਸੌਂਪੀ ਗਈ। ਬਾਬਾ ਦਰਸ਼ਨ ਸਿੰਘ ਜੀ ਬਚਪਨ ਤੋਂ ਹੀ ਦਲ ਵਿੱਚ ਰਹਿ ਕੇ ਸੇਵਾ ਕਰਦੇ ਆ ਰਹੇ ਸਨ।
ਬਾਬਾ ਦਰਸ਼ਨ ਸਿੰਘ ਜੀ ਨੇ ਸੰਸਾਰਿਕ ਵਿੱਦਿਆ ਦੀ ਥਾਂ ਗੁਰਮੁਖੀ ਅਤੇ ਗੁਰਬਾਣੀ ਦੀ ਵਿੱਦਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਬਾਬਾ ਸੋਹਣ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਥਿਆ ਲਈ ਅਤੇ ਗੁਰਬਾਣੀ ਦਾ ਅਧਿਐਨ ਕੀਤਾ।
ਸਾਲ 1988 ਵਿੱਚ ਬਾਬਾ ਦਰਸ਼ਨ ਸਿੰਘ ਜੀ ਨੇ ਇਸ ਪਾਵਨ ਅਸਥਾਨ ’ਤੇ ਆ ਕੇ ਸੇਵਾ-ਸੰਭਾਲ ਦਾ ਕਾਰਜ ਸ਼ੁਰੂ ਕੀਤਾ। ਉਸ ਸਮੇਂ ਇੱਥੋਂ ਦੇ ਹਾਲਾਤ ਬਹੁਤ ਹੀ ਔਖੇ ਸਨ। ਨਾ ਗੁਰੂ ਕਾ ਲੰਗਰ ਨਿਯਮਿਤ ਤੌਰ ’ਤੇ ਚੱਲਦਾ ਸੀ, ਨਾ ਚਾਹ-ਪਾਣੀ ਦਾ ਕੋਈ ਪੱਕਾ ਪ੍ਰਬੰਧ ਸੀ, ਨਾ ਕੋਈ ਖ਼ਾਸ ਚੜ੍ਹਾਵਾ ਆਉਂਦਾ ਸੀ ਅਤੇ ਨਾ ਹੀ ਸੰਗਤਾਂ ਨੂੰ ਇਸ ਅਸਥਾਨ ਬਾਰੇ ਵਧੇਰੇ ਜਾਣਕਾਰੀ ਸੀ।
1988 ਦੇ ਸਮੇਂ ਇੱਥੇ ਸਾਰਾ ਦਿਨ ਕਦੇ-ਕਦਾਈਂ ਕੇਵਲ ਇਕ ਜਾਂ ਦੋ ਪਰਿਵਾਰ ਹੀ ਦਰਸ਼ਨ ਕਰਨ ਲਈ ਆਉਂਦੇ ਸਨ। ਉਸ ਵੇਲੇ ਨਾ ਕੋਈ ਵਧੀਆ ਰਸਤਾ ਸੀ ਅਤੇ ਨਾ ਹੀ ਗੱਡੀਆਂ ਦਾ ਆਉਣਾ-ਜਾਣਾ ਹੁੰਦਾ ਸੀ। ਸੰਗਤਾਂ ਦੀ ਗਿਣਤੀ ਬਹੁਤ ਘੱਟ ਸੀ। ਚਾਹ ਲਈ ਦੁੱਧ ਦਾ ਵੀ ਕੋਈ ਪੱਕਾ ਪ੍ਰਬੰਧ ਨਹੀਂ ਸੀ ਅਤੇ ਦੁੱਧ ਵੀ ਮੁੱਲ ਲੈ ਕੇ ਲਿਆਉਣਾ ਪੈਂਦਾ ਸੀ।
ਬਾਬਾ ਦਰਸ਼ਨ ਸਿੰਘ ਜੀ ਨੇ ਬੜੇ ਸੰਘਰਸ਼, ਮਿਹਨਤ, ਲਗਨ ਅਤੇ ਸਿਦਕ ਨਾਲ ਗੁਰੂ-ਘਰ ਦੀ ਸੇਵਾ ਆਰੰਭ ਕੀਤੀ। ਸ਼ੁਰੂਆਤੀ ਸਮੇਂ ਵਿੱਚ ਥੋੜ੍ਹਾ ਜਿਹਾ ਆਟਾ ਅਤੇ ਦਾਲ ਇਕੱਠੀ ਕਰਕੇ ਗੁਰੂ ਕਾ ਲੰਗਰ ਤਿਆਰ ਕੀਤਾ ਜਾਂਦਾ ਸੀ। ਕਈ ਵਾਰ ਸਾਧਨਾਂ ਦੀ ਘਾਟ ਹੋਣ ਕਾਰਨ ਰਾਤ ਨੂੰ ਕੇਵਲ ਚੌਲ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਅਤੇ ਕਈ ਵਾਰ ਲੰਗਰ ਵੀ ਨਹੀਂ ਪੱਕ ਸਕਦਾ ਸੀ।
ਪਰ ਬਾਬਾ ਜੀ ਨੇ ਹਿੰਮਤ ਨਹੀਂ ਹਾਰੀ। ਹੌਲੀ-ਹੌਲੀ ਉਨ੍ਹਾਂ ਨੇ ਗੁਰੂ ਕਾ ਲੰਗਰ ਨਿਯਮਿਤ ਤੌਰ ’ਤੇ ਚਲਾਉਣਾ ਸ਼ੁਰੂ ਕਰ ਦਿੱਤਾ। ਬਾਬਾ ਜੀ ਰਾਤ ਨੂੰ ਲਗਭਗ ਬਾਰਾਂ ਵਜੇ ਉੱਠ ਕੇ ਸਪੀਕਰ ਲਗਾਉਂਦੇ ਅਤੇ ਨਿੱਤਨੇਮ ਆਰੰਭ ਕਰ ਦਿੰਦੇ ਸਨ। ਨਿੱਤਨੇਮ ਉਪਰੰਤ ਉਹ ਸ਼ਹੀਦੀ ਦੇਗ ਦੇ ਰਗੜੇ ਲਗਾਉਦੇਂ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਦੇ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਅਤੇ ਉਪਰੰਤ ਸੰਗਤਾਂ ਨੂੰ ਕਥਾ-ਵਿਚਾਰਾਂ ਨਾਲ ਜੋੜਦੇ ਸਨ। ਸਵੇਰੇ ਲਗਭਗ 6 – ਸਾਢੇ 6 ਵਜੇ ਅਰਦਾਸ ਕਰਦੇ ਅਤੇ ਦੀਵਾਨਾ ਦੀ ਸਮਾਪਤੀ ਦੇ ਭੋਗ ਪਾਉਂਦੇ ਸਨ। ਸਮਾਪਤੀ ਤੋ ਬਾਅਦ ਉਹ ਆਪ ਹੀ ਲੰਗਰ ਤਿਆਰ ਕਰਦੇ, ਸੰਗਤਾਂ ਨੂੰ ਲੰਗਰ ਛਕਾਉਂਦੇ, ਜਲ-ਪਾਣੀ ਵਰਤਾਉਂਦੇ ਅਤੇ ਆਉਣ-ਜਾਣ ਵਾਲੀ ਸੰਗਤ ਦੀ ਸੇਵਾ ਕਰਦੇ ਸਨ।
ਬਾਬਾ ਜੀ ਦੀ ਅਣਥੱਕ ਮਿਹਨਤ ਅਤੇ ਗੁਰੂ-ਘਰ ਪ੍ਰਤੀ ਸਮਰਪਣ ਸਦਕਾ ਹੌਲੀ-ਹੌਲੀ ਸੰਗਤਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ। ਜਦੋਂ ਸੰਗਤਾਂ ਦੀ ਆਮਦ ਵਧੀ ਤਾਂ ਅੰਮ੍ਰਿਤ ਸੰਚਾਰ ਅਤੇ ਹੋਰ ਧਾਰਮਿਕ ਸਮਾਗਮਾਂ ਦੇ ਵੀ ਸੁਚੱਜੇ ਪ੍ਰਬੰਧ ਹੋਣ ਲੱਗੇ।
ਗੁਰੂ ਕੇ ਲੰਗਰ ਨਿਰੰਤਰ ਚੱਲਣ ਲੱਗੇ। ਸੰਗਤਾਂ ਵੱਲੋਂ ਬਾਲਣ, ਮਿੱਟੀ, ਇੱਟਾਂ, ਰੇਤ, ਬੱਜਰੀ ਅਤੇ ਹੋਰ ਉਸਾਰੀ ਸਮੱਗਰੀ ਦੀ ਸੇਵਾ ਕੀਤੀ ਜਾਣ ਲੱਗੀ। ਝਾੜੂ ਦੀ ਸੇਵਾ, ਇਸ਼ਨਾਨ ਦੀ ਸੇਵਾ, ਲੰਗਰ ਦੀ ਸੇਵਾ ਅਤੇ ਇਮਾਰਤ ਦੀ ਕਾਰ-ਸੇਵਾ ਵਿੱਚ ਵੀ ਸੰਗਤਾਂ ਵੱਧ-ਚੜ੍ਹ ਕੇ ਹਿੱਸਾ ਪਾਉਣ ਲੱਗੀਆਂ।
ਬਾਬਾ ਦਰਸ਼ਨ ਸਿੰਘ ਜੀ ਖ਼ੁਦ ਵੀ ਹਰ ਤਰ੍ਹਾਂ ਦੀ ਸੇਵਾ ਵਿੱਚ ਸ਼ਾਮਲ ਹੁੰਦੇ ਸਨ। ਉਨ੍ਹਾਂ ਨੇ ਕਦੇ ਵੀ ਕਿਸੇ ਸੇਵਾ ਨੂੰ ਛੋਟਾ ਜਾਂ ਵੱਡਾ ਨਹੀਂ ਸਮਝਿਆ। ਉਨ੍ਹਾਂ ਲਈ ਗੁਰੂ-ਘਰ ਦੀ ਹਰ ਸੇਵਾ ਮਹਾਨ ਅਤੇ ਸਤਿਕਾਰਯੋਗ ਸੀ।
ਲਗਭਗ ਸਾਲ 2010 ਵਿੱਚ ਗੁਰਦੁਆਰਾ ਸਾਹਿਬ ਦੇ ਵੱਡੇ ਦਰਬਾਰ ਹਾਲ ਦੀ ਉਸਾਰੀ ਦਾ ਕਾਰਜ ਆਰੰਭ ਹੋਇਆ। ਸਭ ਤੋਂ ਪਹਿਲਾਂ ਇਕ ਆਰਜ਼ੀ ਦਰਬਾਰ ਤਿਆਰ ਕੀਤਾ ਗਿਆ। ਇਸ ਤੋਂ ਬਾਅਦ ਵਿਸ਼ਾਲ ਦਰਬਾਰ ਸਾਹਿਬ ਦਾ ਨੀਂਹ-ਪੱਥਰ ਰੱਖਿਆ ਗਿਆ।
ਇਸ ਦਰਬਾਰ ਸਾਹਿਬ ਦੀ ਚੌੜਾਈ ਲਗਭਗ 100 ਫੁੱਟ ਅਤੇ ਲੰਬਾਈ ਲਗਭਗ 150 ਫੁੱਟ ਹੈ। ਬਾਬਾ ਦਰਸ਼ਨ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਮਿਹਨਤ ਕਰਕੇ ਇਕ ਬਹੁਤ ਹੀ ਸੁੰਦਰ, ਆਲੀਸ਼ਾਨ, ਉੱਚਾ, ਚੌੜਾ ਅਤੇ ਵਿਸ਼ਾਲ ਦਰਬਾਰ ਸਾਹਿਬ ਤਿਆਰ ਕਰਵਾਇਆ।
ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਸੰਗਮਰਮਰ ਦੀ ਸੇਵਾ ਕਰਵਾਈ ਗਈ। ਨਿਕਾਸੀ ਦੇ ਸੁਚੱਜੇ ਪ੍ਰਬੰਧ ਕੀਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਆਸਨ ਲਈ ਸੁੰਦਰ ਸਥਾਨ ਤਿਆਰ ਕੀਤਾ ਗਿਆ ਤੇ ਇੱਕ ਪਾਸੇ ਬਹੁਤ ਹੀ ਬਕੀਰ ਮੀਨਾਕਾਰੀ ਕਰਕੇ ਕਮਰਾ ਤਿਆਰ ਕੀਤਾ ਗਿਆ ਜਿਸ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਤੇ ਸ਼ਸ਼ਤਰਾ ਨੂੰ ਸਜਾਇਆ ਗਿਆ।
ਦਰਬਾਰ ਦੇ ਚਾਰੇ ਪਾਸੇ ਵਿਸ਼ਾਲ ਪਰਿਕਰਮਾ ਤਿਆਰ ਕੀਤੀ ਗਈ। ਫਿਰ ਮਗਰਲੇਂ ਪਾਸੇ ਪੁਰਾਤਨ ਸਰੋਵਰ ਦੀ ਕਾਰ ਸੇਵਾ ਕਰਵਾ ਕੇ ਸਰੋਵਰ ਨੂੰ ਉੱਚਾ ਕੀਤਾ ਗਿਆਂ ਤੇ ਬੀਬੀਆਂ ਦੇ ਇਸ਼ਨਾਨ ਕਰਨ ਲਈ ਪੌਣਾ ਬਣਾਇਆਂ ਗਿਆਂ ਅਤੇ ਪਾਸਿਆ ਤੇ ਬਰਾਂਡਾ ਪਾਇਆਂ ਗਿਆਂ।
ਸਰੋਵਰ ਦੇ ਪਿਛਲੇ ਪਾਸੇਂ ਇੱਕ ਪੁਰਾਤਨ ਖੂਹੀ ਵੀ ਹੈ ਤੇ ਬਾਬਾ ਦਰਸ਼ਨ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਉਸ ਖੂਹੀ ਦੇ ਨਾਲ ਲੱਗਦੀ ਜਗ੍ਹਾ ਨੂੰ ਵੀ ਖਰੀਦ ਕੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਅਖੰਡ ਪਾਠ ਭਵਨ ਤੇ ਪੁਰਾਤਨ ਖੂਹੀ ਨੂੰ ਸੁੰਦਰ ਦਿਖ ਦੇ ਕੇ ਤਿਆਰ ਕਰਵਾ ਰਿਹਾ ਹਨ। ਇਸ ਭਵਨ ਵਿੱਚ ਲਗਭਗ 42 ਕਮਰੇ ਹੋਣਗੇ ਤੇ ਇਹਨਾਂ ਵਿੱਚ 84 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਸਕਣਗੇਂ।
ਇਸ ਵੇਲੇ ਗੁਰਦੁਆਰਾ ਸਾਹਿਬ ਵਿਖੇ ਨਵਾਂ ਵਿਸ਼ਾਲ ਲੰਗਰ ਹਾਲ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਲੰਬਾਈ ਲਗਭਗ 330 ਫੁੱਟ ਅਤੇ ਚੌੜਾਈ ਲਗਭਗ 200 ਫੁੱਟ ਹੈ। ਇਹ ਤਿੰਨ ਮੰਜ਼ਿਲਾਂ ਵਾਲਾ ਬਹੁਤ ਹੀ ਸੁੰਦਰ, ਖੁੱਲ੍ਹਾ ਅਤੇ ਹਵਾਦਾਰ ਲੰਗਰ ਹਾਲ ਹੈ। ਲੰਗਰ ਹਾਲ ਦੀ ਉਸਾਰੀ ਲਈ ਲੋੜੀਂਦੀ ਜ਼ਮੀਨ ਵੀ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਖ਼ਰੀਦੀ ਗਈ।
ਬਾਬਾ ਦਰਸ਼ਨ ਸਿੰਘ ਜੀ ਜਦੋਂ ਸੇਵਾ ਵਿੱਚ ਆਏ ਸਨ ਉਸ ਸਮੇਂ ਗੁਰਦੁਆਰਾ ਸਾਹਿਬ ਦੀ ਕੁੱਲ ਜਗ੍ਹਾ ਲਗਭਗ ਸੱਤ ਕਨਾਲ ਸੀ। ਅੱਜ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅਪਾਰ ਕਿਰਪਾ ਤੇ ਵੱਧਧੇ ਪ੍ਰਤਾਪ ਸਦਕਾ ਤੇ ਸੰਗਤ ਦੇ ਪਿਆਰ ਸਹਿਯੋਗ ਸਦਕਾ ਇਹ ਅਸਥਾਨ ਕਈ ਏਕੜ ਵਿੱਚ ਫੈਲ ਚੁੱਕਾ ਹੈ ਜਿੱਥੇ ਵਿਸ਼ਾਲ ਗੁਰਦੁਆਰਾ ਸਾਹਿਬ ਜੀ ਦਾ ਕੰਪਲੈਕਸ ਬਣਿਆ ਹੋਇਆ ਹੈ।
ਗੁਰਦੁਆਰਾ ਸਾਹਿਬ ਵਿਖੇ ਜੋੜਾ-ਘਰ ਬਣਾਇਆ ਗਿਆ ਹੈ। ਸੰਗਤਾਂ ਦੇ ਠਹਿਰਨ ਲਈ ਭਾਈਵਾੜਾ ਅਤੇ ਮਾਈਵਾੜਾ ਤਿਆਰ ਕੀਤਾ ਗਇਆ ਹੈ। ਠੰਢੇ ਜਲ ਦੀਆਂ ਛਬੀਲਾਂ, ਸੇਵਾਦਾਰਾਂ ਲਈ ਕਮਰੇ, ਕੜਾਹ -ਪ੍ਰਸ਼ਾਦ ਕਾਊਂਟਰ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਗੁਰਦੁਆਰਾ ਸਾਹਿਬ ਤੱਕ ਆਉਣ ਵਾਲੀ ਸੜਕ ਨੂੰ ਵੀ ਬਹੁਤ ਸੁੰਦਰ ਅਤੇ ਚੌੜਾ ਬਣਾਇਆ ਗਿਆ ਹੈ। ਇਸ ਸੜਕ ਦੀ ਚੌੜਾਈ ਲਗਭਗ 70 ਫੁੱਟ ਅਤੇ 500 ਮੀਟਰ ਲੰਬਾਈ ਹੈ। ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਮਿੱਟੀ ਪਾ ਕੇ ਜ਼ਮੀਨ ਨੂੰ ਉੱਚਾ ਕੀਤਾ ਗਿਆ ਅਤੇ ਵਿਸ਼ਾਲ ਪਾਰਕਿੰਗ ਤਿਆਰ ਕੀਤੀ ਗਈ।ਸੰਗਤਾਂ ਦੀ ਸਹੂਲਤ ਲਈ ਇਸ਼ਨਾਨ-ਘਰ ਅਤੇ ਦੋ ਮੰਜ਼ਿਲਾਂ ਵਾਲੇ ਸੁਚੱਜੇ ਪਖਾਨੇ ਤਿਆਰ ਕੀਤੇ ਗਏ ਹਨ।
ਸੰਗਤ ਦੀ ਵੱਧ ਦੀ ਹੋਈ ਆਮਦ ਨੂੰ ਦੇਖ ਦਿਆਂ ਇਕ ਵਿਸ਼ਾਲ ਸਰਾਂ ਦਾ ਨਕਸ਼ਾ ਤਿਆਰ ਕਰਵਾਇਆ ਗਿਆ ਹੈ। ਇਸ ਸਰਾਂ ਵਿੱਚ ਲਗਭਗ 60 ਕਮਰੇ ਬਣਾਉਣ ਦੀ ਯੋਜਨਾ ਹੈ, ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਠਹਿਰਨ ਦੀ ਹੋਰ ਵਧੀਆ ਸਹੂਲਤ ਮਿਲ ਸਕੇ।
ਅੱਜ ਇਸ ਪਾਵਨ ਅਸਥਾਨ ’ਤੇ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ। ਸੰਗਤਾਂ ਪੂਰੀ ਸ਼ਰਧਾ ਨਾਲ ਅਰਦਾਸਾਂ ਕਰਵਾਉਂਦੀਆਂ ਹਨ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਸ ਅਸਥਾਨ ’ਤੇ ਵੱਡੀਆਂ ਰੌਣਕਾਂ ਲੱਗਦੀਆਂ ਹਨ ਅਤੇ ਵਿਸ਼ੇਸ਼ ਸਮਾਗਮਾਂ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ।
ਅੱਜ ਗੁਰੂ ਸਾਹਿਬ ਦੀ ਅਪਾਰ ਕਿਰਪਾ, ਬਾਬਾ ਦਰਸ਼ਨ ਸਿੰਘ ਜੀ ਦੀ ਅਣਥੱਕ ਮਿਹਨਤ ਅਤੇ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਜੀ ਵਿਸ਼ਾਲ ਅਤੇ ਸੁੰਦਰ ਧਾਰਮਿਕ ਅਸਥਾਨ ਬਣ ਚੁੱਕਾ ਹੈ।
ਬਾਬਾ ਦਰਸ਼ਨ ਸਿੰਘ ਜੀ ਦਾ ਸੰਗਤਾਂ ਨਾਲ ਬਹੁਤ ਹੀ ਗੂੜ੍ਹਾ ਪਿਆਰ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਦਾ ਵੀ ਇਸ ਅਸਥਾਨ ਨਾਲ ਬਹੁਤ ਵੱਡਾ ਸਹਿਯੋਗ ਅਤੇ ਸਨੇਹ ਹੈ। ਸੰਗਤਾਂ ਦੀ ਆਮਦ ਕਾਰਨ ਗੁਰਦੁਆਰਾ ਸਾਹਿਬ ਵਿਖੇ ਹਰ ਵੇਲੇ ਰੌਣਕ ਬਣੀ ਰਹਿੰਦੀ ਹੈ।
ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਜੀ, ਸ੍ਰੀ ਹਰਿਮੰਦਰ ਸਾਹਿਬ ਤੋਂ ਲਗਭਗ ਛੇ-ਸੱਤ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।
Copyright © 2026 Gurdwara Tahla Sahib. All Rights Reserved.